ਇੱਕ ਮਾਂ ਦੀ ਅੰਤਿਮ ਵਿਦਾਈ ਬਣੀ ਚਾਰ ਪਰਿਵਾਰਾਂ ਲਈ ਨਵੀਂ ਜ਼ਿੰਦਗੀ ਦੀ ਸ਼ੁਰੂਆਤ

11 ਜੁਲਾਈ 2026 ਦਾ ਦਿਨ ਪੰਜਾਬ ਵਿੱਚ ਅੰਗਦਾਨ ਦੀ ਲਹਿਰ ਲਈ ਇੱਕ ਪ੍ਰੇਰਣਾਦਾਇਕ ਦਿਨ ਬਣ ਗਿਆ।

ਲੁਧਿਆਣਾ ਦੀ ਰਹਿਣ ਵਾਲੀ ਸਵਰਗਵਾਸੀ ਸ੍ਰੀਮਤੀ ਸ਼ੁਕਲਾ ਮਿੱਤਲ (80 ਸਾਲ) ਨੂੰ ਦਿਮਾਗੀ ਸਟ੍ਰੋਕ (Brain Stroke) ਤੋਂ ਬਾਅਦ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (DMC), ਲੁਧਿਆਣਾ ਵਿੱਚ ਦਾਖਲ ਕਰਵਾਇਆ ਗਿਆ। ਡਾਕਟਰਾਂ ਦੇ ਹਰ ਸੰਭਵ ਯਤਨ ਦੇ ਬਾਵਜੂਦ ਉਨ੍ਹਾਂ ਨੂੰ ਬ੍ਰੇਨ ਡੈੱਡ ਘੋਸ਼ਿਤ ਕਰਨਾ ਪਿਆ।

Mrs Shukla Mittal Ji, Organ Donor in Ludhiana
Mrs Shukla Mittal Ji, Organ Donor in Ludhiana

ਇਹ ਪਰਿਵਾਰ ਲਈ ਬੇਹੱਦ ਦੁੱਖ ਅਤੇ ਵਿਛੋੜੇ ਦਾ ਸਮਾਂ ਸੀ। ਪਰ ਇਸੇ ਔਖੀ ਘੜੀ ਵਿੱਚ ਉਨ੍ਹਾਂ ਦੇ ਪਤੀ ਸ੍ਰੀ ਸੁਰੇਸ਼ ਪਾਲ ਮਿੱਤਲ ਅਤੇ ਪੁੱਤਰ ਸ੍ਰੀ ਵਿਨੈ ਮਿੱਤਲ ਨੇ ਇੱਕ ਐਸਾ ਫ਼ੈਸਲਾ ਲਿਆ ਜਿਸ ਨੇ ਕਈ ਪਰਿਵਾਰਾਂ ਨੂੰ ਨਵੀਂ ਜ਼ਿੰਦਗੀ ਬਖ਼ਸ਼ ਦਿੱਤੀ। ਉਨ੍ਹਾਂ ਨੇ ਸ੍ਰੀਮਤੀ ਸ਼ੁਕਲਾ ਮਿੱਤਲ ਦੇ ਅੰਗ ਦਾਨ ਕਰਨ ਲਈ ਸਹਿਮਤੀ ਦਿੱਤੀ।

ਪਰਿਵਾਰ ਨੂੰ ਇਸ ਮਹਾਨ ਫ਼ੈਸਲੇ ਲਈ ਡਾ. ਪੀ. ਐਲ. ਗੌਤਮ, ਮੁਖੀ, ਕ੍ਰਿਟੀਕਲ ਕੇਅਰ ਵਿਭਾਗ, DMC ਲੁਧਿਆਣਾ ਨੇ ਬਹੁਤ ਹੀ ਸੰਵੇਦਨਸ਼ੀਲ ਢੰਗ ਨਾਲ ਪ੍ਰੇਰਿਤ ਕੀਤਾ ਅਤੇ ਅੰਗਦਾਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।

ਇਸ ਤੋਂ ਬਾਅਦ ਡਾ. ਗੁਰਸਾਗਰ ਸਿੰਘ ਸਹੋਤਾ, ਚੀਫ਼ ਲਿਵਰ ਟ੍ਰਾਂਸਪਲਾਂਟ ਸਰਜਨ, DMC ਲੁਧਿਆਣਾ ਦੀ ਅਗਵਾਈ ਅਤੇ ਨਿਗਰਾਨੀ ਹੇਠ ਸਫ਼ਲਤਾਪੂਰਵਕ ਅੰਗ ਪ੍ਰਾਪਤੀ (Organ Retrieval) ਕੀਤੀ ਗਈ। ਉਨ੍ਹਾਂ ਦਾ ਜਿਗਰ (Liver), ਦੋਵੇਂ ਗੁਰਦੇ (Kidneys) ਅਤੇ ਕੌਰਨੀਆ (Corneas) ਸਫ਼ਲਤਾਪੂਰਵਕ ਟ੍ਰਾਂਸਪਲਾਂਟ ਲਈ ਪ੍ਰਾਪਤ ਕੀਤੇ ਗਏ।

Dr Gursagar Singh Sahota, Liver Transplant Surgeon, Punjab
Dr Gursagar Singh Sahota, Liver Transplant Surgeon, Punjab

ਉਨ੍ਹਾਂ ਦਾ ਜਿਗਰ ਹੋਸ਼ਿਆਰਪੁਰ ਦੇ 44 ਸਾਲਾ ਇੱਕ ਮਰੀਜ਼ ਨੂੰ ਲਗਾਇਆ ਗਿਆ, ਜੋ ਲੰਬੇ ਸਮੇਂ ਤੋਂ ਜਿਗਰ ਫੇਲ੍ਹ ਹੋਣ ਕਾਰਨ ICU ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਸੀ। ਡਾਕਟਰਾਂ ਦੇ ਅਨੁਸਾਰ ਜੇਕਰ ਸਮੇਂ ਸਿਰ ਜਿਗਰ ਨਾ ਮਿਲਦਾ ਤਾਂ ਸ਼ਾਇਦ ਉਹ ਕੁਝ ਹੀ ਦਿਨਾਂ ਦਾ ਮਹਿਮਾਨ ਸੀ।

ਸਫ਼ਲ ਲਿਵਰ ਟ੍ਰਾਂਸਪਲਾਂਟ ਤੋਂ ਬਾਅਦ ਜਦੋਂ ਉਸ ਮਰੀਜ਼ ਦੇ 10 ਸਾਲਾ ਪੁੱਤਰ ਨੇ ਆਪਣੇ ਪਿਤਾ ਦੀ ਜ਼ਿੰਦਗੀ ਬਚਾਉਣ ਲਈ ਟ੍ਰਾਂਸਪਲਾਂਟ ਟੀਮ ਦਾ ਧੰਨਵਾਦ ਕੀਤਾ, ਤਾਂ ਉਹ ਪਲ ਹਰ ਇੱਕ ਦੀਆਂ ਅੱਖਾਂ ਨਮੀ ਕਰ ਗਿਆ।

ਸ੍ਰੀਮਤੀ ਸ਼ੁਕਲਾ ਮਿੱਤਲ ਦੇ ਦੋਵੇਂ ਗੁਰਦਿਆਂ ਨੇ ਦੋ ਅਜਿਹੇ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਜੋ ਸਾਲਾਂ ਤੋਂ ਡਾਇਲਿਸਿਸ 'ਤੇ ਨਿਰਭਰ ਸਨ। ਅੱਜ ਦੋਵੇਂ ਮਰੀਜ਼ ਸਿਹਤਯਾਬ ਹੋ ਰਹੇ ਹਨ ਅਤੇ ਡਾਇਲਿਸਿਸ ਤੋਂ ਮੁਕਤ ਹੋ ਕੇ ਆਮ ਜ਼ਿੰਦਗੀ ਵੱਲ ਵਾਪਸ ਪਰਤ ਰਹੇ ਹਨ।

ਉਨ੍ਹਾਂ ਦੇ ਕੌਰਨੀਆ ਦਾਨ ਨੇ ਇੱਕ ਹੋਰ ਵਿਅਕਤੀ ਨੂੰ ਦੁਬਾਰਾ ਰੌਸ਼ਨੀ ਅਤੇ ਦੇਖਣ ਦੀ ਉਮੀਦ ਦਿੱਤੀ।

ਇਸ ਮਹਾਨ ਅਤੇ ਮਨੁੱਖਤਾ ਭਰੇ ਕਾਰਜ ਲਈ ਅਜੂਨੀ ਲਾਈਫਲਾਈਨ ਵੈਲਫੇਅਰ ਸੋਸਾਇਟੀ ਦੀ ਪੂਰੀ ਟੀਮ ਮਿੱਤਲ ਪਰਿਵਾਰ ਦੇ ਘਰ ਪਹੁੰਚੀ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਸੰਸਥਾ ਨੇ ਉਨ੍ਹਾਂ ਨੂੰ ਇੱਕ ਛੋਟਾ ਜਿਹਾ ਸਨਮਾਨ ਚਿੰਨ੍ਹ ਭੇਂਟ ਕਰਦੇ ਹੋਏ ਕਿਹਾ ਕਿ ਅਜਿਹੇ ਪਰਿਵਾਰ ਪੂਰੇ ਸਮਾਜ ਲਈ ਪ੍ਰੇਰਣਾ ਹਨ।

ਸ੍ਰੀਮਤੀ ਸ਼ੁਕਲਾ ਮਿੱਤਲ ਅੱਜ ਸਾਡੇ ਵਿਚਕਾਰ ਨਹੀਂ ਹਨ, ਪਰ ਉਨ੍ਹਾਂ ਦਾ ਫ਼ੈਸਲਾ ਚਾਰ ਪਰਿਵਾਰਾਂ ਦੀ ਮੁਸਕਾਨ ਬਣ ਚੁੱਕਾ ਹੈ।

ਉਨ੍ਹਾਂ ਦੀ ਇਹ ਵਿਰਾਸਤ ਸਾਨੂੰ ਯਾਦ ਦਿਵਾਉਂਦੀ ਹੈ ਕਿ ਅੰਗਦਾਨ ਮੌਤ ਦਾ ਅੰਤ ਨਹੀਂ, ਸਗੋਂ ਕਿਸੇ ਹੋਰ ਦੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੈ।

Ajooni Lifeline Welfare Society, NGO working on Organ Donation in Punjab
Ajooni Lifeline Welfare Society, NGO working on Organ Donation in Punjab